ਤੂੰ ਇਨਕਾਰ ਕਰ ਦੇਵੀਂ
ਜਦ ਕੋਈ ਕਹੇ ਕਿ
ਬਾਬੇ ਦੇ ਪੈਰਾਂ ਨਾਲ
ਮੱਕਾ ਵੀ ਘੁੰਮ ਗਿਆ ਸੀ।
ਬਿਲਕੁਲ ਨਾ ਮੰਨੀਂ
ਜੇ ਉਹ ਕਹਿਣ ਕਿ
ਰੋਟੀ ਵਿੱਚੋਂ ਦੁੱਧ ਤੇ ਲਹੂ
ਦੀਆਂ ਧਾਰਾਂ ਵਗੀਆਂ ਸੀ।
ਉੱਥੇ ਮਾਨਸਿਕਤਾ ਨੂੰ ਖਤਰਾ ਹੋਊ
ਭੱਜ ਕੇ ਬਾਹਰ ਆ ਜਾਵੀਂ ਉੱਥੋਂ
ਜਿੱਥੇ ਹੱਥ ਵਿੱਚ ਮਾਲਾ ਫੜੀ
ਬੀਬੀ ਦਾਹੜੀ ਵਾਲੇ ਬੰਦੇ ਦੀ
ਫੋਟੋ ਨੂੰ ਮੱਥਾ ਟਿਕਦਾ ਹੋਵੇ।
ਠਰੰਮ੍ਹੇ ਨਾਲ ਸਮਝਾਈਂ
ਕਿ ਘੁੰਮਿਆ ਮੱਕਾ ਨਹੀਂ ਸੀ
ਘੁੰਮਿਆ ਕਾਜੀ ਦਾ ਦਿਮਾਗ ਸੀ
ਉਹਨੂੰ ਸਮਝ ਆ ਗਈ ਸੀ
ਨਾਨਕ ਦੀਆਂ ਗੱਲਾਂ ਸੁਣ ਕੇ
ਸੱਚ ਤੇ ਝੂਠ ਦੀ।
ਯਕੀਨ ਨਾਲ ਕਹੀਂ ਕਿ
ਰੋਟੀ ਵਿੱਚੋਂ ਦੁੱਧ ਤੇ ਲਹੂ ਨਹੀਂ ਨਿਕਲਿਆ ਸੀ
ਉੱਥੇ ਨਿੱਤਰਿਆ ਸੀ ਸੱਚ ਤੇ ਝੂਠ
ਜਿਸ ਨੂੰ ਨਾਨਕ ਦੀਆਂ ਜਹਿਨੀ ਅੱਖਾਂ ਨੇ ਪੜ ਲਿਆ ਸੀ
ਤੇ ਫਰਕ ਸਮਝਿਆ ਸੀ ਰੋਟੀ ਦੀ ਖੁਸ਼ਬੂ ਦਾ
ਜੋ ਹੱਕ ਹਲਾਲ ਤੇ ਲੋਕਾਂ ਦਾ ਢਿੱਡ ਵੱਢ ਕੇ ਬਣਾਈ
ਰੋਟੀ ਵਿੱਚ ਹੁੰਦਾ ਏ।
ਸਭ ਤੋਂ ਜਰੂਰੀ
ਬਿਲਕੁਲ ਤਲਖ ਨਾ ਹੋਈਂ ਮੱਥਾ ਟੇਕਣ ਪਿੱਛੇ
ਉਹਨਾਂ ਨੂੰ ਦੱਸੀਂ ਕਿ ਅਸਲੀ ਸਤਿਕਾਰ ਮੱਥਾ ਟੇਕਣ ਵਿੱਚ ਨਹੀਂ
ਸਤਿਕਾਰ ਉਸ ਦੇ ਪਾਏ ਪੂਰਨਿਆਂ ਤੇ ਚੱਲ ਕੇ
ਵਹਿਮਾਂ ‘ਚੋਂ ਬਾਹਰ ਆਉਣ ਵਿੱਚ ਹੈ।
ਆਪਣਾ ਬਚਾਅ ਵੀ ਰੱਖੀਂ
ਕੁਝ ਅਜਿਹਾ ਨਾ ਬੋਲੀਂ ਕਿ
ਉਹ ਤੇਰੇ ਪਿੱਛੇ ਪੈ ਜਾਣ।
ਕਿਉਂਕਿ ਬਹੁਤ ਛੇਤੀ ਭਾਵਨਾਵਾਂ
ਭੜਕ ਜਾਂਦੀਆਂ ਧਰਮੀ ਲੋਕਾਂ ਦੀਆਂ।
ਜੇ ਇਹ ਕਹਿਣ ਕਿ ਤੈਨੂੰ ਕਿਵੇਂ ਪਤਾ ਇਹ ਸਭ
ਤਾਂ ਨਿਧੜਕ ਹੋ ਕੇ ਕਹਿ ਦੇਵੀਂ
ਮੈਂ ਨਾਨਕ ਤੋਂ ਸਮਝਿਆ ਇਹ ਸਭ।
Copy