ਬਿਰਹਾ
ਦਰਦ ਅਵੱਲੇ ਦਿਲ ਦੇ ਅੰਦਰ, ਪਰ ਬੁੱਲ੍ਹਾਂ ਤੇ ਚੀਸ ਨਹੀਂ ਏ,
ਹਿਜਰਾਂ ਵਿੱਚੋਂ ਲੰਘ ਰਹੀ ਹਾਂ, ਕਿੰਝ ਕਹਾਂ ਤਕਲੀਫ ਨਹੀਂ ਏ।
ਹੈ ਮੁਹੱਬਤ ਦੀ ਗੱਲ ਕਰਦਾ ਪਿਆ ਇਹ ਸਾਰਾ ਜ਼ਮਾਨਾ,
ਪਰ ਜਿੰਨੀ ਚੰਗੀ ਦਿਸਦੀ ਦੁਨੀਆ, ਓਨੀ ਤੇ ਸ਼ਰੀਫ ਨਹੀਂ ਏ।
ਮੰਨਿਆ ਇਸ਼ਕ ਆਸਾਨ ਨਈ, ਸੂਈ ਦਾ ਨੱਕਾ ਲੰਘਣਾ ਪੈਂਦਾ,
ਪਰ ਕੋਈ ਆਸ਼ਿਕ ਲੰਘ ਸਕੇ ਨਾ, ਇਹ ਤੇ ਏਨਾ ਬਰੀਕ ਨਹੀਂ ਏ।
ਲੋਕੋ! ਦਿਲ ਦੀ ਜ਼ਰਖੇਜ਼ ਜ਼ਮੀਨ ਤੇ ਇੱਕੋ ਹੀ ਫਸਲ ਉੱਗਦੀ ਏ,
ਨਾਂਅ ਉਸਦਾ ਹੈ ਮੁਹੱਬਤ ਕੋਈ ਰਬੀ ਜਾਂ ਖਰੀਫ਼ ਨਹੀਂ ਏ|
ਕੈਸੀ ਦਿਲਲਗੀ ਤੇਰੇ ਨਾਲ ਕਿ ਜਗ ਵੈਰੀ ਹੋ ਗਿਆ ਸਾਰਾ,
ਇਸ ਦੁਨੀਆ ਵਿੱਚ ਕਿੰਝ ਕਹਾਂ ਮੇਰਾ ਕੋਈ ਰਕੀਬ ਨਹੀਂ ਏ|
ਇੱਕ ਉਮਰ ਤੱਕ ਹੰਢਾਅ ਕੇ ਬਿਰਹਾ, ਅਸਾਂ ਰੋਗ ਜਿੰਦ ਨੂੰ ਲਾਇਆ,
ਮਾੜੇ ਲੇਖ ਅਸਾਡੇ ਕਿ ਇੱਕ ਦੂਜੇ ਦੀ ਝਲਕ ਨਸੀਬ ਨਹੀਂ ਏ|
ਲਫ਼ਜ਼ ਮੇਰੇ ਆਵਾਜ਼ ਤੇਰੀ ਗਜ਼ਲ ਮੁਕੰਮਲ ਹੋ ਜਾਂਦੀ ਲੇਕਿਨ,
ਮਿਸਰਿਆ ਦੇ ਰੁਕਨਾਂ ਅੰਦਰ ਦਿਸਦੀ ਕੋਈ ਤਰਤੀਬ ਨਹੀਂ ਏ|
ਪਰਵਾਜ਼ ਭਰ ਕੇ ਤੇਰੇ ਕੋਲ ਆਵਾਂ, ਖੰਭ ਮੇਰੇ ਜੇ ਹੁੰਦੇ ਮਹਿਰਮਾ,
ਪਰ ਤੇਰੇ ਸ਼ਹਿਰ ਆਉਣ ਲਈ ਲੱਭਦੀ ਕੋਈ ਤਰਕੀਬ ਨਹੀਂ ਏ।|
ਦਿਲਬਰ ਮੇਰਾ, ਹਮਦਮ ਮੇਰਾ, ਸੁਫਨਿਆਂ 'ਚ ਆਉੰਦਾ ਅਕਸਰ,
ਪਰ ਹਕੀਕੀ ਰੂਪ ਵਿੱਚ ਉਹ ਕਿਉੰ ਤਬੱਸੁਮ ਦੇ ਕਰੀਬ ਨਹੀੰ ਏ।
🖋ਅੰਜੂ ਬਾਲਾ ਤਬੱਸੁਮ
©anju bala@tabassum
Continue with Social Accounts
Facebook Googleor already have account Login Here