ਆਪਣਾ ਸਿਰ ਮੈਂ ਇਹ ਗੱਲ ਸੋਚ ਕੇ ਚੁੱਕਿਆ ਨਹੀਂ
ਅਜੇ ਤੇ ਅਗਲਾ ਲਹੂ ਡਾਂਗਾਂ ਤੋਂ ਸੁੱਕਿਆ ਨਹੀਂ
ਜ਼ਹਿਰ ਵੀ ਉਹਨੇ ਇੰਝ ਤਲੀ 'ਤੇ ਰੱਖਿਆ ਏ
ਚਸਕੇ ਲੈ ਲੈ ਚੱਟ ਗਿਆ ਵਾਂ, ਥੁੱਕਿਆ ਨਹੀਂ
ਤੇਰਾ ਦਿੱਤਾ ਦੁੱਖ ਵੀ ਦੁੱਧ ਪੁੱਤ ਵਰਗਾ ਏ
ਜੱਗ ਤੋਂ ਬਹੁਤ ਲੁਕੋਇਆ ਏ, ਪਰ ਲੁਕਿਆ ਨਹੀਂ
ਕੋਰਟ ਕਚਿਹਰੀ ਖਾ ਗਏ ਸੱਤਵੀਂ ਪੀੜ੍ਹੀ ਵੀ
ਪੀੜੀ ਜਿੰਨੀ ਥਾਂ ਦਾ ਝਗੜਾ ਮੁੱਕਿਆ ਨਹੀਂ
ਏਨੀ ਬੇਤਕਿਆਈ ਕੀਤੀ ਲੋਕਾਂ ਨੇ
ਮੱਲ੍ਹਮਾਂ ਕੀ ਇਸ ਫੱਟ 'ਤੇ ਲੂਣ ਵੀ ਭੁੱਕਿਆ ਨਹੀਂ
ਰੱਖਿਆ ਸੀ ਇੱਕ ਅੱਥਰੂ ਆਪਣੇ ਰੋਵਣ ਲਈ
ਅਨਵਰ ਉਹ ਵੀ ਡੁੱਲ੍ਹ ਜਾਣਾ ਅੱਜ ਰੁਕਿਆ ਨਹੀਂ।
- ਮੁਸਤਫ਼ਾ ਅਨਵਰ
Continue with Social Accounts
Facebook Googleor already have account Login Here